ਅੱਜਕਲ੍ਹ ‘ਸੰਥਿਆ` ਸ਼ਬਦ ਦੀ ਵਰਤੋਂ ਕੇਵਲ ਗੁਰਬਾਣੀ ਦੇ ਉਚਾਰਨ ਦੇ ਸਬੰਧ ਵਿਚ ਹੀ ਕੀਤੀ ਜਾਂਦੀ ਹੈ, ਹਾਲਾਂਕਿ ਕੁਝ ਦਹਾਕੇ ਪਹਿਲਾਂ ਤਕ ਪੰਜਾਬੀ ਜ਼ੁਬਾਨ 'ਤੇ ਗੁਰਮੁਖੀ ਅਖਰਾਂ ਦੇ ਉਚਾਰਨ ਅਤੇ ਸੁਧਰੀ ਲਿਖਤ ਲਈ ਵੀ ‘ਸੰਥਿਆ' ਲਫ਼ਜ਼ ਪ੍ਰਚਲਤ ਸੀ। ਡਾਹਢੇ ਰੰਜ ਦੀ ਗਲ ਏ ਕਿ ਅੰਗਰੇਜ਼ੀ ਭਾਸ਼ਾ ਸਿਖਣ ਤੁਰੇ ਪੰਜਾਬ ਦੇ ਬਸ਼ਿੰਦੇ ਅੰਗਰੇਜ਼ੀ ਭਾਸ਼ਾ ਨੂੰ ਸ਼ੁਧ ਬੋਲਣ 'ਤੇ ਲਿਖਣ ਲਈ pronunicaiton (ਸੰਖਿਆ) 'ਮਹਤਤਾ ਸਮਝਦੇ ਹੋਏ ਮਹਿੰਗੇ ਉਸਤਾਦਾਂ ਪਾਸੋਂ ਮਹੀਨਿਆਂ ਬਧੀ ਅੰਗਰੇਜ਼ੀ ਦਾ ਸ਼ੁੱਧ ਉਚਾਰਨ ਸਿਖਦੇ ਨੇ, ਪਰ ਪੰਜਾਬੀ ਦੀ ਸੰਥਿਆ ਨੂੰ ਬੇਲੋੜਾ ਸਮਝ ਕੇ ਛਡਿਆ ਜਾ ਰਿਹਾ ਹੈ। ਨਾ ਸਾਡੇ ਘਰਾਂ ਵਿਚ, ਨਾ ਸਕੂਲਾਂ ਵਿਚ ਅਤੇ ਨਾ ਹੀ ਗੁਰਦੁਆਰਾ ਸਾਹਿਬਾਨ ਵਿਚ ਗੁਰਮੁਖੀ ਦੀ ਸੰਥਿਆ ਦਾ ਪੂਰਾ ਪ੍ਰਬੰਧ ਹੈ। ਗਲਤ ਅੰਗਰੇਜ਼ੀ ਬੋਲਣ ਲਿਖਣ ਨਾਲ ਤਾਂ ਅਸੀਂ ਸ਼ਰਮਸਾਰ ਹੁੰਦੇ ਹਾਂ ਪਰ ਗੁਰੂ ਬਖਸ਼ਿਸ਼ ਗੁਰਮੁਖੀ ਤੇ ਮਾਂ ਬੋਲੀ ਨੂੰ ਜਿਵੇਂ ਮਰਜ਼ੀ ਬੋਲੀ ਲਿਖੀ ਜਾਈਏ ਅਕਸਰ ਕੋਈ ਗੌਲਦਾ ਹੀ ਨਹੀਂ। ਸੋ ਗੁਰਮੁਖੀ ਦੀ ਸੰਥਿਆ ਦਾ ਅਤਿ ਲੋੜੀਂਦਾ ਕਾਜ ਰਵਾਇਤੀ ਲੀਹਾਂ ’ਤੇ ਕਰਨਾ ਸਮੇਂ ਦੀ ਲੋੜ ਹੈ।
ਗੁਰੂ ਗੁਰਮੁਖੀ ਅਖਰਾਂ ਦੀ ਘਾੜਤ, ਵਿਕਾਸ ਤੇ ਪ੍ਰਚਲਤ ਹੋਣ ਤਕ ਲੰਮਾ ਪੈਂਡਾ ਹੈ। ਅਖਰਾਂ ਦਾ ਅਜੋਕਾ ਕ੍ਰਮ (ੳ,ਅ,ੲ,ਸ,ਹ) ਜੋ ' ਅੰਗਦ ਦੇਵ ਜੀ ਦੇ ਸਮਿਆਂ ਤੋਂ ਪ੍ਰਚਲਤ ਹੈ ਉਸ ਨੂੰ ਸਿਖਾਉਣ ਦੀ ਰਵਾਈਤੀ ਵਿਧੀ ਸ਼ਬਦ ਅਤੇ ਵਾਕ ਦੀ ਵਰਤੋਂ ਸੀ। ਸਿਖ ਮਾਵਾਂ ਆਉਣ ਵਾਲੇ ਬਾਲ ਨੂੰ ਗੁਰਮੁਖੀ ਅਖਰਾਂ ਦੀ ਲੋਅ ਬਖਸ਼ਣ ਲਈ ਬਚੇ ਦੇ ਜਨਮ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਦੀ “ਪਟੀ” ਬਾਣੀ ਕੰਠ ਕਰ ਲੈਂਦੀਆਂ ਅਤੇ ਬਾਲ ਨੂੰ ਲੋਰੀਆਂ ਵਿਚ ਊੜੇ, ਐੜੇ ਦੇ ਨਾਲ ਨਾਲ “ਊੜੈ ਉਪਮਾ ਤਾ ਕੀ ਕੀਜੈ” ਅਤੇ “ਆਈੜੈ ਆਪ ਕਰੇ ਜਿਨਿ ਛੋਡੀ' ਦਾ ਅਭਿਆਸ ਕਰਵਾਉਂਦੀਆਂ। ਉਸਤਾਦ ਲੋਕ “ਪਟੀ” ਬਾਣੀ ਦੇ ਸ਼ਬਦਾਂ ਨਾਲ ਹੀ ਅਖਰਾਂ ਦੀ ਦੁਹਰਾਈ ਕਰਵਾਉਂਦੇ ਸਨ। ਲਾਇਟਨਰ ਆਪਣੀ ਕਿਤਾਬ History of Inidgenous Education in the Punjab (1882) ਵਿਚ ਖਾਲਸਾ ਰਾਜ ਦੌਰਾਨ ਅਜਿਹੇ ਰਵਾਇਤੀ ਕਾਇਦਿਆਂ ਦਾ ਹਵਾਲਾ ਦਿੰਦਾ ਹੈ।
ਊੜੇ ਨਾਲ ਊਠ ਦੀ ਤਸਵੀਰ ਲਾ ਕੇ ਰਟਨ ਕਰਵਾਉਣਾ ਨਿਰਸੰਦੇਹ A for Apple ਦੀ ਨਕਲ ਹੈ। ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੇ ਦੱਸਣ ਮੂਜਬ ਦਮਦਮਾ ਸਾਹਿਬ ਵਿਖੇ ਅਖਰ ਵਿਦਿਆ ਤੇ ਗੁਰਮੁਖੀ ਸੰਥਿਆ ਲਈ ਬਣੇ ‘‘ਬੁੰਗਾ ਲਿਖਾਰੀਆਂ” ਵਿਚ ਬਾਲਾਂ ਨੂੰ ਗੁਰਮੁਖੀ ਅਖਰਾਂ ਦੇ ਅਕਾਰ ਇਉਂ ਸਿਖਾਏ ਜਾਂਦੇ ਸੀ: ਊੜਾ : ਮੋਰਨੀ ਦੇ ਆਂਡੇ ਵਰਗਾ, ਐੜਾ: ਘੋੜੇ ਦੇ ਕੜਿਆਲੇ ਵਰਗਾ, ਈੜੀ: ਇਲ ਦੇ ਪਹੁੰਚੇ ਵਰਗੀ, ਹਾਹਾ : ਢੋਲ ਦੇ ਡਗੇ ਵਰਗਾ, ਕਕਾ : ਮਮੋਲੇ ਦੀ ਅਖ ਵਰਗਾ।
ਸੋ ਇਨ੍ਹਾਂ ਅਖਰਾਂ ਦੇ ਅਕਾਰ ਉਲੀਕਣ ਦੇ ਨਾਲ ਨਾਲ ਉਚਾਰਨ ਲਈ ਗੁਰੂ ਵਾਕ ਦਾ ਅਭਿਆਸ ਬਹੁਤ ਅਹਿਮ ਰਵਾਇਤ ਸੀ, ਜੋ ਲਗਭਗ ਵਿਸਾਰ ਦਿਤੀ ਗਈ। ਬੀਬੀ ਮਲਵਿੰਦਰ ਕੌਰ ਅਤੇ ਭਾਈ ਕੁਲਦੀਪ ਸਿੰਘ ਗੜਗਜ ਹੁਰਾਂ ਦੇ ਇਸ ਉਪਰਾਲੇ ਲਈ ਅਸੀਂ ਧੰਨਵਾਦੀ ਹਾਂ ਤੇ ਆਸ ਕਰਦੇ ਹਾਂ ਕਿ ਗੁਰਮੁਖੀ ਦੇ ਵਿਦਿਅਰਥੀ ਇਸ “ਗੁਰਮੁਖੀ ਸੰਥਿਆ” ਦਾ ਵਧ ਤੋਂ ਵਧ ਲਾਹਾ ਲੈਣਗੇ।