‘ਘਾਟੀ ਪੁਤਲੀਗਰਾਂ ਦੀ’ ਨਾਵਲ ਪਦਾਰਥ ਦੀਆਂ ਸੂਖਮਤਮ ਸ਼ਕਤੀਆਂ ’ਤੇ ਸੰਭਵਨਾਵਾਂ ਵਾਲੀ ਨਵੀਂ ਤੇ ਨਿਵੇਕਲੀ ਵਸਤ ਨੂੰ ਆਪਣੇ ਕੇਂਦਰ ਵਿਚ ਰਖਦਾ ਹੋਇਆ ਵੱਡੇ ਸਰਮਾਏ ਵਾਲੇ ਆਰਥਿਕ ਤੇ ਸਿਆਸੀ ਸਿਸਟਮ ਦੇ ਉਸ ਅਖੌਤੀ ਸਭਿਆਚਾਰ ਦਾ ਪਰਦਾਫਾਸ਼ ਕਰਦਾ ਹੈ ਜਿਹੜਾ ਮਨੁੱਖ ਨੂੰ ਉਪਕਰਨਾਂ ਤਕ ਘਟਾ ਕੇ ਉਸ ਵਿਚ ਮੁੱਲਹੀਣਤਾ ਤੇ ਮੋਹਹੀਣਤਾ ਪੈਦਾ ਕਰ ਰਿਹਾ ਹੈ। ਫੈਂਟਾਸੀ ਤੇ ਜਾਦੂਈ ਯਥਾਰਥ ਦੀਆਂ ਵਿਧੀਆਂ ਨੇ ਪਦਾਰਥ ਦੀਆਂ ਸੂਖਮਤਮ ਸ਼ਕਤੀਆਂ, ਸਮਾਂ-ਯਾਤਰਾ, ਦੂਰਵਰਤੀ ਨਿਰੀਖਣਤਾ ਅਤੇ ਅਪ੍ਰਤੱਖ ਡਿਪਲੋਮੈਸੀ ਦੇ ਜਟਿਲ ਯਥਾਰਥ ਨੂੰ ਸਹਿਜ ਤੇ ਸੁਹਜ ਦੇ ਕਲਾਤਮਕ ਮਾਡਲ ਵਿਚ ਬਾਖ਼ੂਬੀ ਢਾਲ਼ਿਆ ਹੈ। ਗਲਪੀ ਧਰਾਤਲ ਉਤੇ ਸੁਪਨਿਆਂ ਦਾ ਬਰੀਕੀ ਵਾਲਾ ਵਿਸ਼ਲੇਸ਼ਣ; ਉਸਦੇ ਅਨੁਕੂਲ ਸਰਲ, ਸਪਸ਼ਟ ਤੇ ਢੁਕਵੀਂ ਸ਼ਬਦ ਚੋਣ; ਅਖੌਤੀ ਤੇ ਵਿਕਸਿਤ ਸਭਿਆਚਾਰ ਦੇ ਮਨੁੱਖ ਦੋਖੀ ਕਿਰਦਾਰ ’ਤੇ ਜ਼ੋਰਦਾਰ ਵਿਅੰਗ; ਪਾਤਰਾਂ ਦੇ ਅੰਦਰੂਨੀ ਤੇ ਬਹਿਰੂਨੀ ਸੁਭਾਅ ਦੀ ਦਰੁਸਤ ਪਛਾਣ ਤੇ ਚਿੱਤਰਕਾਰੀ ਆਦਿ ਮਿਲਕੇ ਇਸ ਨਾਵਲ ਦੇ ਬਿਰਤਾਂਤਕ ਸੰਗਠਨ ਨੂੰ ਸਜੀਵਤਾ ਵਾਲੀ ਸਮੁੱਚ ਵਿਚ ਬੰਨ੍ਹਦੇ ਹਨ। ਕਲਾਤਮਕ ਗਲਪੀ ਸੁਹਜ ਦੀ ਇਹ ਸਮੁੱਚ ਜਿਥੇ ਨਾਵਲਕਾਰ ਦੀ ਬੌਧਿਕ ਪਕਿਆਈ ਅਤੇ ਗਲਪੀ ਪ੍ਰੋੜਤਾ ਦਾ ਪ੍ਰਮਾਣ ਪੇਸ਼ ਕਰਦੀ ਹੈ ਉਥੇ ਪੰਜਾਬੀ ਗਲਪ ਸਾਹਿਤ ਵਿਚ ਵਿਗਿਆਨਕ ਗਲਪ ਸਿਰਜਣ ਦਾ ਮੁੱਢ ਵੀ ਬੰਨ੍ਹਦੀ ਹੈ।