ਸਵਿੱਤਰੀਬਾਈ ਫੁਲੇ ਦਾ ਸਾਹਿਤ ਪੜ੍ਹਦਿਆਂ ਹਾਸ਼ੀਆਗਤ ਸਮਾਜ ਦੀ ਪੀੜ ਦਾ ਇਤਿਹਾਸ ਸਰੀਰ ਅਤੇ ਮਨ ਦੀਆਂ ਤੈਹਾਂ ਵਿੱਚੋਂ ਹੋ ਕੇ ਗੁਜ਼ਰਦਾ ਹੈ। ਇਹਨਾਂ ਲਿਖਤਾਂ ਵਿੱਚੋਂ ਮੂਕ ਕੀਤੀਆਂ ਅਤੇ ਦਬਾ ਦਿੱਤੀਆਂ ਗਈਆਂ ਆਵਾਜ਼ਾਂ ਦੇ ਪ੍ਰਮਾਣਿਕ ਦਸਤਾਵੇਜ਼ ਮਿਲਦੇ ਹਨ। ਦੂਜੇ ਪਾਸੇ ਸਵਿੱਤਰੀਬਾਈ ਫੁਲੇ ਦੇ ਜੀਵਨ ਵਿੱਚੋਂ ਆਤਮ-ਵਿਸ਼ਵਾਸ ਅਤੇ ਪ੍ਰਤੀਰੋਧ ਦੀ ਜਵਲੰਤ ਪ੍ਰੇਰਣਾ ਵੀ ਉੱਭਰਦੀ ਹੈ। ਇਸ ਅਨੁਵਾਦਤ ਪੁਸਤਕ ਵਿੱਚ ਸਵਿੱਤਰੀਬਾਈ ਫੁਲੇ ਦੇ ਸਮੁੱਚੇ ਸਾਹਿਤ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਸਾਰਾ ਸਾਹਿਤ ਸਵਿੱਤਰੀਬਾਈ ਫੁਲੇ ਦੀ ਪ੍ਰਤਿਭਾ ਅਤੇ ਸਮਾਜਿਕ ਚੇਤਨਾ ਲਈ ਉਹਨਾਂ ਦੀ ਪ੍ਰਤੀਬੱਧਤਾ ਨੂੰ ਪੇਸ਼ ਕਰਦਾ ਹੈ। ਇਸ ਸਾਹਿਤ ਵਿੱਚੋਂ ਉਹਨਾਂ ਦਾ ਤਾਰਕਿਕ ਅਤੇ ਵਿਗਿਆਨਕ ਨਜ਼ਰੀਆ ਉਭਰਦਾ ਹੈ। ਇਸ ਰਾਹੀਂ ਉਹਨਾਂ ਦੀ ਸੰਵੇਦਨਾ ਅਤੇ ਸੂਖ਼ਮਤਾ ਦੇ ਦੀਦਾਰ ਵੀ ਹੁੰਦੇ ਹਨ। ਨਾਰੀ ਮਨ ਦੀ ਕੋਮਲਤਾ, ਤਾਕਤ, ਸੰਵੇਦਨਾ, ਵੇਦਨਾ ਅਤੇ ਊਰਜਾ ਮਹਿਸੂਸ ਹੁੰਦੀ ਹੈ। ਬੇਹੱਦ ਪ੍ਰਤੀਕੂਲ ਹਾਲਾਤਾਂ ਵਿੱਚ ਉਹ ਜਿਸ ਦਲੇਰੀ, ਉਤਸ਼ਾਹ ਅਤੇ ਮਾਨਵੀ ਵਚਨਬੱਧਤਾ ਨਾਲ ਜੂਝੇ ਹਨ ਉਹ ਲਾਮਿਸਾਲ ਹੈ। ਭਾਰਤੀ ਨਾਰੀਵਾਦੀ ਚਿੰਤਨ ਵਿੱਚ ਸਵਿੱਤਰੀਬਾਈ ਫੁਲੇ ਤੋਂ ਬਿਨਾਂ ਗੱਲ ਕਰਨੀ ਇਤਿਹਾਸ ਅਤੇ ਚਿੰਤਨ ਨਾਲ਼ ਬੇਇਨਸਾਫ਼ੀ ਹੋਵੇਗੀ। ਉਹਨਾਂ ਦੇ ਜੋ ਭਾਸ਼ਣ ਦਰਜ ਹਨ ਉਹਨਾਂ ਦਾ ਅਧਿਐਨ ਕਰਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਦੌਰ ਵਿੱਚ ਉਹ ਤੀਖਣ ਵਿਗਿਆਨਕ ਚੇਤਨਾ ਨਾਲ ਲੈਸ ਸਨ ਅਤੇ ਹਰ ਪਾਖੰਡ ਨੂੰ ਤਰਕ ਦੀ ਕਟਾਰ ਨਾਲ਼ ਚੀਰਦੇ ਆ ਰਹੇ ਸਨ। ਉਹਨਾਂ ਦੀਆਂ ਚਿੱਠੀਆਂ ਵਿੱਚ ਤਤਕਾਲੀ ਸਮਾਜ ਦੇ ਵੇਰਵੇ ਵੀ ਦਰਜ ਹਨ ਅਤੇ ਸਮਾਜਿਕ ਊਣਤਾਈਆਂ ਦਾ ਬਿਆਨ ਵੀ ਹੈ। ਅਕਾਲ ਅਤੇ ਸ਼ਰਾਬ ਸਬੰਧੀ ਲਿਖੀਆਂ ਚਿੱਠੀਆਂ ਵਿੱਚ ਉਹਨਾਂ ਦੀ ਰਾਜਨੀਤਿਕ ਅਤੇ ਸਮਾਜਿਕ ਚੇਤਨਾ ਦੇ ਦਰਸ਼ਨ ਹੁੰਦੇ ਹਨ। ਗਿਆਨੋਬਾ ਕ੍ਰਿਸ਼ਣਾਜੀ ਨੂੰ ਲਿਖੀਆਂ ਚਿੱਠੀਆਂ ਵਿੱਚ ਉਹਨਾਂ ਦੇ ਕੋਮਲ ਦਿਲ ਦੀ ਸੰਵੇਦਨਾ ਅਤੇ ਮਾਨਵੀ ਪੀੜ ਦੇ ਦੀਦਾਰ ਹੁੰਦੇ ਹਨ। ਕਿਤਾਬਾਂ ਅਤੇ ਗਿਆਨ ਦੇ ਮਾਮਲੇ ਵਿੱਚ ਉਹਨਾਂ ਦਾ ਦ੍ਰਿਸ਼ਟੀਕੋਣ ਸਪਸ਼ਟ ਸੀ। ਉਹ ਹਰ ਦਲਿਤ ਅਤੇ ਦਮਿਤ ਨੂੰ ਸ਼ਬਦ-ਚੇਤਨਾ ਨਾਲ ਲੈਸ ਕਰਨਾ ਚਾਹੁੰਦੇ ਸਨ। ਉਹਨਾਂ ਨੇ ਕਿਤਾਬੀ ਗੱਲਾਂ ਹੀ ਨਹੀਂ ਕੀਤੀਆਂ ਸਗੋਂ ਵਿਹਾਰਕ ਪੱਧਰ ’ਤੇ ਵਿਚਰਦਿਆਂ ਸਮਾਜ ਅੰਦਰ ਜਾ ਕੇ ਲੋਕ ਹਿਤ ਵਿੱਚ ਸਮਾਜਕ ਬਰਾਬਰੀ ਅਤੇ ਇਨਸਾਫ਼ ਲਈ ਕਾਰਜ ਵੀ ਕੀਤੇ ਅਤੇ ਲੋਕਾਈ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
- ਡਾ. ਹਰਪ੍ਰੀਤ ਸਿੰਘ