ਬਾਬਾ ਫੂਲਾ ਸਿੰਘ ਜੀ ‘ਅਕਾਲੀ’ ਦਾ ਜੀਵਨ ਬ੍ਰਿਤਾਂਤ ਪਹਿਲੀ ਵਾਰ ੧੯੧੪ ਵਿੱਚ ਛਪਿਆ ਸੀ, ਦੂਜੀ ਵਾਰ ੧੯੨੩ ਵਿੱਚ ਤੇ ਤੀਜੀ ਵਾਰ ੧੯੨੪ ਵਿੱਚ ਛਪ ਕੇ ਖ਼ਤਮ ਹੋ ਚੁੱਕਾ ਹੈ। ਮੈਨੂੰ ਇਸ ਦੇ ਚੌਥੀ ਵਾਰ ਪ੍ਰਕਾਸ਼ਤ ਕਰਨ ਵਿੱਚ ਖ਼ੁਸ਼ੀ ਹੈ ਕਿ ਇਹ ਨਿਮਾਣਾ ਜਿਹਾ ਯਤਨ ਪੰਥ ਵਿਖੇ ਸਫਲ ਹੋਇਆ ਹੈ ਅਤੇ ਪਵਿੱਤ੍ਰ ‘ਅਕਾਲੀ’ ਨਾਮ ਦਾ ਸਤਿਕਾਰ ਮੁੜ ਦੁਬਾਰਾ ਕਾਇਮ ਹੋ ਗਿਆ ਹੈ।
ਉਹ ਦੁਖਦਾਈ ਨਜ਼ਾਰਾ, ਜਿਸ ਨੇ ਮੈਨੂੰ ਇਸ ਪੁਸਤਕ ਦੇ ਲਿਖਣ ਲਈ ਪ੍ਰੇਰਿਆ, ਮੈਨੂੰ ਕਦੀ ਨਹੀਂ ਭੁੱਲੇਗਾ। ਸੰਨ ੧੯੧੦ ਦੀ ਬਸੰਤੀ ਰੁੱਤ ਸੀ ਜਦ ਕਿ ਮੈਂ ਇਕ ਵੱਡੇ ਸ਼ਹਿਰ ਦੇ ਬਾਜ਼ਾਰ ਵਿੱਚੋਂ ਗੁਜ਼ਰ ਰਹਿਆ ਸਾਂ ਕਿ ਇਕ ਥਾਂ ’ਤੇ ਮੈਨੂੰ ਪਿੜ ਬੱਝਿਆ ਦਿਸਿਆ, ਜਿਸ ਦੇ ਦੁਆਲੇ ਇਕ ਵੱਡੀ ਭੀੜ ਲੱਗੀ ਹੋਈ ਸੀ। ਜਦ ਮੇਰੀਆਂ ਅੱਖਾਂ ਉਧਰ ਗਈਆਂ, ਤਾਂ ਮੈਂ ਕੀ ਡਿੱਠਾ ਜੋ ਪਿੜ ਵਿੱਚ ਇਕ ਆਦਮੀ ਸੁਰਮਈ ਬਾਣਾ ਪਹਿਨੇ ਰੁਮਾਲ ਪਰ ਚੱਕਰ ਤੇ ਤੋੜੇ ਸਜਾਈ ਖੜਾ ਸੀ, ਇਸ ਦੇ ਗਾਤਰੇ ਨਾਲ ਲੱਕੜ ਦੀ ਬਣੀ ਹੋਈ ਨਕਲੀ ਸ੍ਰੀ ਸਾਹਿਬ ਲਟਕ ਰਹੀ ਸੀ, ਪਿੱਠ ਪਰ ਭੰਗ ਦੀ ਗਠੜੀ ਬੱਧੀ ਹੋਈ ਸੀ। ਇਸ ਦੇ ਸਾਹਮਣੇ ਵੱਡਾ ਸੁਨਹਿਰਾ ਪਿਆ ਹੋਯਾ ਸੀ ਤੇ ਹੱਥ ਵਿੱਚ ਭੰਗ ਘੋਟਣ ਦਾ ਸੋਟਾ ਸੀ। ਇਸ ਰੂਪ ਨੂੰ ਦੇਖ ਕੇ ਮੇਰੇ ਕਦਮ ਇਥੇ ਰੁਕ ਗਏ। ਹੁਣ ਇਹ ਲੱਗਾ ਭੰਗ ਘੋਟਣ। ਛੇਕੜ ਭੰਗ ਨੂੰ ਪੁਣ ਕੇ ਨੁਗਦੇ ਨੂੰ ਬੜੇ ਜੋਸ਼ ਨਾਲ ਸਾਹਮਣੇ ਦੀ ਕੰਧ ’ਤੇ ਮਾਰਿਆ ਅਤੇ ਵਧੇਰੇ ਅਮਲ ਆਉਣ ਲਈ ਅਰਦਾਸਾ ਸੋਧਿਆ, ਜਿਸ ਵਿੱਚ ਇਹ ਮੰਗ ਮੰਗੀ ਗਈ ਸੀ:
‘ਐਸਾ ਅਮਲ ਆਵੇ, ਕੁੱਤਾ ਭੌਂਦਾ ਨਜ਼ਰ ਨ ਆਵੇ’
ਹੁਣ ਇਹ ਲੱਗਾ ਭੰਗ ਦਾ ਬਾਟਾ ਪੀਣ ਤੇ ਹੋਰਨਾਂ ਨੂੰ ਇਹ ਕਹਿ ਕਹਿ ਕੇ ਪਿਲਾਉਣ:
‘ਭੰਗ ਪੀ ਨਿਸ਼ੰਗ ਜਿਨ ਤੀਨ ਲੋਕ ਤਾਰੇ ਹੈਂ।
ਸੋਈ ਨਰਕ ਜਾਣਗੇ ਜੋ ਭੰਗ ਸੇ ਨਿਆਰੇ ਹੈਂ।
ਛੇਕੜ ਇਸ ਬਨਾਉਟੀ ‘ਅਕਾਲੀ’ ਨੇ ਆਪਣੇ ਆਪ ਨੂੰ ਇੰਨਾ ਬਦਮਸਤ ਦੱਸਿਆ ਕਿ ਹੁਣ ਚਾਰੇ ਬੰਨਿਆਂ ਤੋਂ ਤਮਾਸ਼ਾਈਆਂ ਵਲੋਂ ਇਹ ਕਹਿੰਦੇ ਹੋਏ ਲੱਗੇ ਇਸ ਨੂੰ ਧੱਕੇ ਪੈਣ ‘ਜੋ ਬੋਲੇ ਸੋ ਨਿਹਾਲਸਤਿ ਸ੍ਰੀ ਅਕਾਲ’! ਫਿਰ ਇਸ ‘ਭੰਗੜ’ ਦੇ ਚੱਕਰ ਤੇ ਤੋੜੇ, ਸਿਰੀ ਸਾਹਿਬ, ਸੁਨਹਿਰੀ ਤੇ ਭੰਗ ਦੀ ਪੋਟਲੀ ਆਦਿ ਲੁੱਟ ਲੀਤੀਆਂ ਗਈਆਂ। ਇਸ ਦਾ ਦੁਮਾਲਾ ਜ਼ਮੀਨ ’ਤੇ ਸੁੱਟ ਦਿੱਤਾ ਗਿਆ ਅਤੇ ਇਸ ਨੂੰ ਭੰਗ ਲੋਰ ਵਿੱਚ ਐਨੇ ਧੱਕੇ ਪਏ ਕਿ ਇਹ ਮੁਸ਼ਕਲ ਨਾਲ ਸਭ ਕੁੱਝ ਲੁਟਵਾ, ਆਪਣੀ ਸਿੰਘਣੀ ਨੂੰ ਬਾਹਾਂ ਤੋਂ ਫੜ ਕੇ, ਅੱਗੇ-ਅੱਗੇ ਤੁਰ ਪਿਆ ਅਤੇ ਇਸ ਦੇ ਪਿਛੇ ਤਾੜੀ ਵੱਜਣ ਲੱਗੀ। ਮੈਂ ਉਸੀ ਵਕਤ ਇਸ ਅਯੋਗ ਨਜ਼ਾਰੇ ਬਾਬਤ ਵਿਰੋਧਤਾ ਦੀ ਆਵਾਜ਼ ਉਠਾਈ, ਪਰ ਸ਼ੋਕ ਨਾਲ ਕਹਿਣਾ ਪੈਂਦਾ ਹੈ ਕਿ ਆਪਣੇ ਕਈ ਭੁਲੇ ਹੋਏ ਸਿੰਘ ਵੀਰਾਂ ਵਲੋਂ ਵੀ ਇਹ ਕਹਿ ਕੇ ਮਾਮਲੇ ਨੂੰ ਟਾਲ ਦਿੱਤਾ ਗਿਆ ਕਿ ਇਹ ਹੋਲੀ ਦਾ ਸਾਂਗ ਸੀ।
ਮੰਨਿਆਂ ਕਿ ਇਹ ਗੋਲੀ ਦਾ ਸਾਂਗ ਸੀ, ਪਰ ਇਸ ਤੋਂ ਜੋ ਪਵਿੱਤਰ ਅਕਾਲੀ ਬਾਣੇ ਦੀ ਹੱਤਕ ਅਤੇ ਪਾਵਨ ‘ਅਕਾਲੀ’ ਨਾਮ ਦੀ ਮਸਖ਼ਰੀ ਉਡਾਈ ਗਈ ਸੀ ਤੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰੇ ਦੀ ਬੇਅਦਬੀ ਕੀਤੀ ਗਈ ਸੀ, ਉਹ ਇਕ ਖਾਲਸਾ ਪੰਥ ਦੇ ਦਰਦੀ ਦਿਲ ਨੂੰ ਪੀੜਤ ਕਰ ਰਹੀ ਸੀ।
ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਅਕਾਲੀ ਆਪਣੇ ਪਵਿੱਤਰ ਬਾਣੇ ਅਤੇ ‘ਅਮਰ’ ਨਾਮ ਦੀ ਅਸਲੀਅਤ ਨੂੰ ਭੁੱਲ ਕੇ ਸੰਸਾਰ ’ਤੇ ਘ੍ਰਿਣਾ ਯੋਗ ਅਤੇ ਹਾਸੋਹੀਣੇ ਹੋ ਗਏ ਸਨ।
ਸੋ ਮੈਂ ਉਸ ਦਿਨ ਤੋਂ ਇਸ ਧੁਨ ਵਿੱਚ ਲੱਗ ਪਿਆ ਕਿ ਜੋ ਕੁੱਝ ‘ਅਕਾਲੀ’ ਦੀ ਪਵਿੱਤਰ ਪਦਵੀ ਸ੍ਰੀ ਕਲਗੀਧਰ ਜੀ ਨੇ ਇਸ ਸੰਸਾਰ ’ਤੇ ਪ੍ਰਚੱਲਤ ਕੀਤੀ ਸੀ, ਉਸ ਦਾ ਅਸਲ ਸਰੂਪ ਪੰਥ ਦੇ ਪੇਸ਼ ਕੀਤਾ ਜਾਵੇ। ਬਾਬਾ ਫੂਲਾ ਸਿੰਘ ਜੀ ਅਕਾਲੀ ਦੇ ਜੀਵਨ ਬ੍ਰਿਤਾਂਤ ਦੇ ਅਖ਼ੀਰ ਪਰ ਸੰਨ ੧੯੧੪ ਵਿੱਚ ਮੈਂ ਆਪਣੇ ਅਕਾਲੀ ਵੀਰਾਂ ਤੋਂ ਇਨ੍ਹਾਂ ਸ਼ਬਦਾਂ ਵਿੱਚ ਮੰਗ ਮੰਗੀ ਸੀ:
‘ਜੇ ਮੇਰੀ ਇਸ ਬੇਨਤੀ ਨੂੰ ਪੜ੍ਹ ਸੁਣ ਕੇ ਪੰਥ ਮੁੜ ‘ਅਕਾਲੀ’ ਨਾਮ ਦੀ ਪਵਿੱਤ੍ਰਤਾ ਨੂੰ ਸੁਰਜੀਤ ਕਰ ਦੇਵੇ ਤਾਂ ਮੈਂ ਆਪਣੀ ਇਸ ਤੁੱਛ ਸੇਵਾ ਨੂੰ ਸਫਲ ਸਮਝ ਕੇ ਕ੍ਰਿਤਯ ਕ੍ਰਿਤਯ ਹੋ ਜਾਵਾਂਗਾ।’
ਸੋ ਇਸ ਦਾ ਅੰਦਾਜ਼ਾ ਆਪ ਹੀ ਪਾਠਕ ਲਾ ਲੈਣਾ ਕਿ ਇਸ ਨਿਮਾਣੇ ਯਤਨ ਨੂੰ ਕਿੰਨੀ ਸਫਲਤਾ ਸ੍ਰੀ ਕਲਗੀਧਰ ਜੀ ਨੇ ਬਖ਼ਸ਼ੀ?