ਬਾਬਾ ਮੰਗੂ ਰਾਮ ਦੀ ਗ਼ਦਰ ਪ੍ਰਤਿ ਸਿਖਰ ਦੀ ਵਫ਼ਾਦਾਰੀ, ਹੌਸਲਾ-ਬੁਲੰਦੀ, ਜਜ਼ਬੇ ਤੇ ਜੋਸ਼ ਨੂੰ ਦੇਖਦਿਆਂ ਉਨ੍ਹਾਂ ਨੂੰ ਚਾਰ ਹੋਰ ਸਾਥੀਆਂ ਸਮੇਤ ਦਲੇਰੀ ਭਰਿਆ ਇਕ ਕੰਮ ਸੌਂਪਿਆ ਗਿਆ । ਬਾਬਾ ਮੰਗੂ ਰਾਮ ਇਸ ਸੰਬੰਧ ਵਿਚ ਲਿਖਦੇ ਹਨ, “ ਫਿਰ ਸਾਡੀ ਗ਼ਦਰ ਪਾਰਟੀ ਦੀ 1915 ਵਿਚ ਇਕ ਮੀਟਿੰਗ ਹੋਈ ਜਿਸ ਦੇ ਪ੍ਰਧਾਨ ਸਰਦਾਰ ਸੋਹਣ ਸਿੰਘ ਭਕਨਾ ਜੀ ਸਨ। ਮੀਟਿੰਗ ਵਿਚ ਮਤਾ ਪਾਸ ਹੋਇਆ ਕਿ ਪੰਜ ਆਦਮੀ ਐਸੇ ਹੋਣੇ ਚਾਹੀਦੇ ਹਨ ਜੋ ਹਿੰਦੋਸਤਾਨ ’ਚ ਹਥਿਆਰ ਲਿਜਾ ਸਕਣ ਜਿਨ੍ਹਾਂ ਵਿਚ ਇਕ ਮੇਰਾ ਨਾਂ ਤੇ ਬਾਕੀ ਸਨ – ਹਰੀ ਸਿੰਘ ਬੱਦੋਵਾਲੀਆ, ਜ਼ਿਲ੍ਹਾ ਲੁਧਿਆਣਾ, ਹਰਨਾਮ ਚੰਦ, ਗੰਭੀਰ ਸਿੰਘ ਤੇ ਹਰਚਰਨ ਦਾਸ। ਅਸੀਂ ਪੰਜ ਆਦਮੀ ਚੁਣੇ ਗਏ। ਪਾਰਟੀ ਦੇ ਸੈਕਟਰੀ ਮਿ. ਗੋਧਾ ਨੇ ਸਾਡੇ ਕੋਲੋਂ ਸਾਮਾਨ, ਪੈਸਾ ਜਿੰਨਾ ਸੀ, ਸਾਰਾ ਹੀ ਪਾਰਟੀ ਦੇ ਦਫ਼ਤਰ ਵਿਚ ਜਮ੍ਹਾ ਕਰਵਾ ਦਿਤਾ । ਸਾਡੇ ਅਸਲੀ ਨਾਂ ਬਦਲ ਕੇ ਮੁਸਲਮਾਨਾਂ ਵਾਲੇ ਰੱਖ ਦਿਤੇ। ਇਨ੍ਹਾਂ ਵਿਚ ਮੇਰਾ ਨਾਂ ਨਿਜ਼ਾਮੂਦੀਨ ਸੀ।”