‘ਬਹਿਸ ਵਿੱਚ ਇਸਤਰੀ’ ਪੁਸਤਕ ਮੂਲ ਰੂਪ ਵਿੱਚ ਰਾਧਾ ਵੱਲਭ ਤ੍ਰਿਪਾਠੀ ਦੁਆਰਾ ਦਿੱਤੇ ਹੋਏ ਭਾਸ਼ਣਾਂ ਦਾ ਵਿਸਤ੍ਰਿਤ ਰੂਪ ਹੈ। ਇਸ ਪੁਸਤਕ ਨੂੰ ਸੱਤ ਅਧਿਆਇਆਂ ਵਿੱਚ ਵੰਡਿਆ ਗਿਆ ਹੈ। ਬਹਿਸ ਦੀ ਸਿਧਾਂਤਕੀ ਤੋਂ ਸ਼ੁਰੂ ਹੋ ਕੇ ਇਹ ਪੁਸਤਕ ਔਰਤ ਨੂੰ ਕੇਂਦਰ ਵਿੱਚ ਰੱਖ ਕੇ ਬਹਿਸ ਦੇ ਵਿਹਾਰਿਕ ਪੜਾਅ ਤੱਕ ਪਹੁੰਚਦੀ ਹੈ। ਇਸ ਪੁਸਤਕ ਨੂੰ ਪੜ੍ਹਨ ਅਤੇ ਅਨੁਵਾਦ ਕਰਨ ਵਿੱਚ ਇਸ ਦੇ ਸਿਰੇਲਖ ਵਿੱਚ “ਮੇਂ/ਵਿੱਚ” ਸੰਬੰਧਕ ਦਾ ਵੱਡਾ ਯੋਗਦਾਨ ਹੈ। ਮੈਂ ਇਸ ਸੰਬੰਧਕ ਨੂੰ ਦੋ ਤਰੀਕਿਆਂ ਨਾਲ ਲਿਆ ਕਿ ਇੱਕ ਤਾਂ ਬਹਿਸ ਦਾ ਮੁੱਦਾ ਇਸਤਰੀ ਹੈ ਤੇ ਦੂਜਾ ਬਹਿਸ ਵਿੱਚ ਇਸਤਰੀ ਦੀ ਹਿੱਸੇਦਾਰੀ ਭਾਵ ਸ਼ਮੂਲੀਅਤ ਕਿਵੇਂ ਹੁੰਦੀ ਹੈ। ਇਹਨਾਂ ਦੋਹਾਂ ਨੁਕਤਿਆਂ ਨੂੰ ਸਨਮੁਖ ਰੱਖਦੇ ਹੋਏ ਮੈਂ ਇਸ ਕਿਤਾਬ ਵਿੱਚੋਂ ਗੁਜ਼ਰੀ ਹਾਂ। ਇਹ ਪੁਸਤਕ ਜਿੰਨੀ ਮਹੱਤਵਪੂਰਨ ਅਤੇ ਜਿਸ ਵਿਸ਼ੇ ਨਾਲ ਸੰਬੰਧਿਤ ਹੈ, ਓਨੀ ਹੀ ਔਖੀ ਵੀ ਹੈ। ਪੰਜਾਬੀ ਪਾਠਕ ਤੱਕ ਇਸ ਨੂੰ ਪੁੱਜਦਾ ਕਰਨ ਲਈ ਅਨੇਕ ਤਰ੍ਹਾਂ ਦੀਆਂ ਸ਼ਾਬਦਿਕ ਸਮੱਸਿਆਵਾਂ ਵਿੱਚੋਂ ਗੁਜ਼ਰਨਾ ਪਿਆ ਹੈ। ਬਹੁਤ ਸਾਰੇ ਸੰਸਕ੍ਰਿਤ-ਹਿੰਦੀ ਸ਼ਬਦਾਂ ਦੇ ਪੰਜਾਬੀ ਵਿੱਚ ਢੁੱਕਵੇਂ ਅਰਥ ਅਤੇ ਸ਼ਬਦ ਰੂਪ ਨਹੀਂ ਮਿਲਦੇ ਅਤੇ ਨਾ ਸਿਰਫ਼ ਆਮ ਪਾਠਕ ਲਈ ਇਹਨਾਂ ਨੂੰ ਸਮਝਣਾ ਕੁਝ ਔਖਾ ਹੋਵੇਗਾ ਸਗੋਂ ਅਕਾਦਮਿਕਤਾ ਨਾਲ ਜੁੜੇ ਹੋਏ ਵਿਅਕਤੀ ਨੂੰ ਵੀ ਇਹਨਾਂ ਨੂੰ ਸਮਝਣ ਲਈ ਕੁਝ ਵਿਸ਼ੇਸ਼ ਤਰੱਦਦ ਕਰਨਾ ਪਵੇਗਾ। ਪੁਸਤਕ ਦਾ ਦੂਜਾ ਅਧਿਆਇ ਸੰਪੂਰਨ ਰੂਪ ਵਿੱਚ ਨਿਆਂ ਦਰਸ਼ਨ ਉੱਪਰ ਆਧਾਰਿਤ ਹੈ। ਫਿਰ ਵੀ ਪਾਠਕਾਂ ਦੀ ਸਹੂਲਤ ਲਈ ਬਹੁਤ ਸਾਰੇ ਸ਼ਾਬਦਿਕ ਸੰਕਲਪਾਂ ਦੀ ਸੂਚੀ ਪੁਸਤਕ ਦੇ ਆਰੰਭ ਵਿੱਚ ਦਿੱਤੀ ਗਈ ਹੈ ਤਾਂ ਜੋ ਪਾਠਕ ਪੁਸਤਕ ਨੂੰ ਪੜ੍ਹਨ ਵੇਲੇ ਇਹਨਾਂ ਸੰਕਲਪਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਸਤਕ ਵਿੱਚੋਂ ਗੁਜ਼ਰੇ।