Indi - eBook Edition
Dravadan Da Dulla | ਦਰਾਵੜਾਂ ਦਾ ਦੁੱਲਾ

Dravadan Da Dulla | ਦਰਾਵੜਾਂ ਦਾ ਦੁੱਲਾ

Sold by: Autumn Art
Up to 16% off
Paperback
ISBN: 978-93-49217-96-6
230.00    275.00
Quantity:

ਜ਼ਿੰਦਗੀ ’ਚ ਕਈ ਬੰਦੇ ਟੱਕਰੇ। ਜੀਅ ਕੀਤਾ ਕਿ ਉਨ੍ਹਾਂ ਬਾਰੇ ਲਿਖਿਆ ਜਾਵੇ। ਕਈ ਟੱਕਰੇ ਨ੍ਹੀਂ ਪਰ ਪੜ੍ਹੇ ਬਹੁਤ। ਖ਼ਾਸ ਕਰਕੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਬਹੁਤ ਪੜ੍ਹਿਆ। ਉਸ ਦੇ ਸ਼ਬਦਾਂ ਦਾ ਮੇਰੇ ’ਤੇ ਬਹੁਤ ਲੰਬੇ ਸਮੇਂ ਤੱਕ ਅਸਰ ਰਿਹਾ। ਅੰਮ੍ਰਿਤਾ ਪ੍ਰੀਤਮ ਬਾਰੇ ਸੁਣੀਆਂ ਸੁਣਾਈਆਂ ਗੱਲਾਂ ਬਹੁਤ ਸਨ; ਪਰ ਜਦੋਂ ਉਸ ਬਾਰੇ ਸਮਕਾਲੀਆਂ ਦੀਆਂ ਲਿਖਤਾਂ ਪੜ੍ਹੀਆਂ ਤਾਂ ਲੱਗਿਆ ਜਿਵੇਂ ਅੱਖਾਂ ਤੋਂ ਧੁੰਦ ਹਟ ਗਈ ਹੋਵੇ।
ਜੱਸਾ ‘ਰੁਸਤਮੇ ਹਿੰਦ’ ਹੋ ਕੇ ਵੀ ਹਰ ਇਕ ਨੂੰ ਇਸ ਤਰ੍ਹਾਂ ਮਿਲਦਾ ਜਿਵੇਂ ਦਰਿਆ ਦੀ ਕਿਸੇ ਲਹਿਰ ਨੇ ਔੜਾਂ ਮਾਰੀ ਧਰਤੀ ਨੂੰ ਆਪਣੇ ਕਲਾਵੇ ਵਿਚ ਲਿਆ ਹੋਵੇ।
ਘੁੱਦੇ ਨੇ ਅਜਿਹਾ ਸੈਕਲ ਚੁੱਕਿਆ ਕਿ ਲੋਕ ਆਪਣੇ ਬਾਬਿਆਂ ਦੇ ਸੈਕਲਾਂ ਨੂੰ ਤੇਲ ਲਾ ਕੇ ਫੋਟੋਆਂ ਨੈੱਟ ’ਤੇ ਪਾ ਰਹੇ ਨੇ ਕਿ ਯੌਹ ਐ ਮ੍ਹਾਰੇ ਬਾਬੇ ਕਾ ਸੈਕਲ। ਸੈਕਲ ਕੰਪਨੀਆਂ ਨੂੰ ਘੁੱਦੇ ਦਾ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ‘ਘੁੱਦੇ ਦੇ ਸੈਕਲਨਾਮੇ’ ਤੋਂ ਬਾਅਦ ਲੱਖਾਂ ਦੇ ਸੈਕਲ ਵੇਚੇ। ਇੰਦਰ ਸਿੰਘ ਘੱਗਾ ਅਨਪੜ੍ਹ ਪ੍ਰੋਫ਼ੈਸਰ ਵੱਜਦਾ ਪਰ ਛੱਬੀ ਕਿਤਾਬਾਂ ਲਿਖੀ ਬੈਠਾ। ਉਸ ਦੀਆਂ ਲਿਖਤਾਂ ਨਾਲ ਸਹਿਮਤ ਜਾਂ ਅਸਹਿਮਤ ਹੋਣਾ ਵੱਖਰੀ ਗੱਲ ਐ ਪਰ ਉਹ ਕਹਿੰਦਾ ਕਿ ਅੱਜ ਦੀ ਸਿੱਖੀ ਗੁਰੂ ਸਾਹਿਬ ਦੇ ਮਾਰਗ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਐ। ਸਿੱਖੀ ਹੁਣ ਨਿਮਾਣਿਆਂ, ਨਿਤਾਣਿਆਂ ਦਾ ਤਾਣ ਬਣਨ ਦੀ ਥਾਂ ਮਲਕ ਭਾਗੋਆਂ ਦੇ ਖੀਰ ਪੂੜਿਆਂ ਦਾ ਯੱਗ ਬਣ ਗਈ ਹੈ।
ਬੁੱਧ ਸਿੰਘ ਪੰਜਾਬੀ ਸਾਹਿਤ ਦੇ ਪਿੜ ਵਿਚ ਵੜੇ ਝੋਟਿਆਂ ਨੂੰ ਭਜਾਉਣ ਵਾਲਾ ‘ਬਾਹਮਣ’ ਹੈ, ਪੰਜਾਬੀ ਸਾਹਿਤਕਾਰਾਂ ਵਿਚ ਹੁਣ ਇਨਾਮਾਂ ਦੇ ਗੁਲਗੁਲੇ ਬੋਚਣ ਦੀ ਦੌੜ ਲੱਗੀ ਹੋਈ ਹੈ, ਲਿਖਾਰੀ ਵਿਆਹ ’ਚ ਲਾੜੇ ਦੇ ਪਿਓ ਵੱਲੋਂ ਕੀਤੀ ਸੋਟ ਵਾਂਗ, ਇੱਕ ਦੂਜੇ ਉੱਪਰ ਡਿੱਗ-ਡਿੱਗ ਕੇ ਇਨਾਮ ਬੋਚ ਰਹੇ ਨੇ।
ਜਿਤਰ੍ਹਾਂ ਬੁੜ੍ਹੀ ਕਾ ਸੰਦੂਕ ਰੰਗੇ ਬਿਰੰਗੇ ਸਾਮਾਨ ਗੈਲ ਭਰਿਆ ਬਾ ਹੋਆ ਇਤਰਾਂ ਐ ਚਰਨ ਪੁਆਧੀ ਕਾ ਨ੍ਹੀਂ ਪਤਾ ਲੱਗਦਾ ਬਈ ਯੌਹ ਲਿਖਾਰੀ ਐ, ਪੇਂਟਰ ਐ, ਨਕਸ਼ਾ ਨਵੀਸ ਐ, ਮੂਰਤਾਂ ਬਣਾਣੇ ਆਲਾ ਐ। ਬੰਦਾ ਉਸ ਨੂੰੰ ਮਿਲਣ ਜਾਹਾ, ਔਹ ਬੰਦੇ ਨੂੰ ਕਵਿਤਾ ਸਣਾਣ ਲਗ ਜਾਹਾ।
ਲਾਹੌਰ ਦੀ ਰਹਿਣ ਵਾਲੀ ਡਾ. ਮਾਰੀਆ ਮਾਂ ਬੋਲੀ ਪੰਜਾਬੀ ਦੀ ਲਾਡਲੀ ਧੀ ਐ, ਜਿਹੜੀ ਦੁਨੀਆ ਨੂੰ ਦੱਸ ਰਹੀ ਐ ਕਿ ਉਸ ਦੀ ਕੌਮ ਨਾਲ ਕਿੱਡਾ ਵੱਡਾ ਧੋਖਾ ਕੀਤਾ ਗਿਐ। ਪਾਕਿਸਤਾਨ ’ਚ ਪੰਜਾਬੀ ਦੀ ਗੱਲ ਕਰਨੀ, ਇਕ ਤਰ੍ਹਾਂ ਨਾਲ ਪਾਕਿਸਤਾਨ ਦੀ ਸਲਾਮਤੀ ਵਿਰੁੱਧ ਖ਼ਤਰਾ ਮੰਨਿਆ ਜਾਂਦਾ ਤੇ ਉਹ ਰੋਜ਼ ਅਜਿਹਾ ਖ਼ਤਰਾ ਮੁੱਲ ਲੈਂਦੀ ਐ।
‘ਦਰਾਵੜਾਂ ਦਾ ਦੁੱਲਾ’ ਜੀਵਨ ਸਿੰਘ ਇਕ ਵਾਰੀ ਫਿਰ 1699 ਦੀ ਵਿਸਾਖੀ ਨੂੰ ਜਿਊਂਣਾ ਚਾਹੁੰਦਾ, ਉਹ ਕਹਿੰਦਾ ਕਿ ਸਾਡੇ ਲਈ ਅਨੰਦਪੁਰ ਸਾਹਿਬ ਦੀ ਵਿਸਾਖੀ ਤੋਂ ਵੱਡਾ ਦਿਨ ਹੋਰ ਕੋਈ ਨਹੀਂ, ਜਿਸ ਦਿਨ ਸਦੀਆਂ ਤੋਂ ਜਾਨਵਰਾਂ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਬੰਦਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗਲ ਲਾ ਕੇ ਕਿਹਾ ਸੀ ਕਿ ਮੈਂ ਇਹਨਾਂ ਗਰੀਬ ਸਿੱਖਾਂ ਨੂੰ ਰਾਜੇ ਬਣਾਵਾਂਗਾ।
ਗੁਰਬਖ਼ਸ਼ ਸਿੰਘ ਪ੍ਰੀਤਲੜੀ ਆਪਣੇ ਸ਼ਬਦਾਂ ਦੇ ਡੰਗਾਂ ਨਾਲ ਆਪਣੇ ਪਾਠਕਾਂ ਨੁੂੰ ਮਦਹੋਸ਼ ਕਰ ਦਿੰਦਾ ਸੀ। ਫਿਰ ਜੋ ਉਹ ਕਹਿੰਦਾ ਸੀ ਪਾਠਕਾਂ ਨੂੰ ਕਿਸੇ ‘ਅਕਾਸ਼ਵਾਣੀ’ ਵਾਂਗ ਸੁਣਦਾ ਸੀ। ਉਸ ਦੀ ‘ਅਕਾਸ਼ਵਾਣੀ’ ਨੇ ਪਤਾ ਨਹੀਂ ਕਿੰਨੇ ਬੰਦਿਆਂ ਨੂੰ ਪ੍ਰੀਤਾਂ ਦੇ ਪਹਿਰੇਦਾਰ ਬਣਾਇਆ।
ਸੋਟਾ ਸਿੰਘ ਹਰ ਸਮੇਂ ਸੋਟਾ ਮੋਢੇ ’ਤੇ ਰੱਖਦਾ ਬਈ ਪਤਾ ਨਹੀਂ ਕਦੋਂ ਸ਼ਿਕਾਰ ਉਠ ਪਵੇ। ਉਸ ਦੇ ਪਿਉ ਦਾਦੇ ਮਾਝੇ ਤੋਂ ਯੂ.ਪੀ. ’ਚ ਗਏ ਇਸੇ ਕਰਕੇ ਉਸ ਦੇ ਬੋਲਾਂ ’ਚ ਮਝੈਲਾਂ ਵਰਗਾ ਖੜਕਾ ਦੜਕਾ ਸੁਣਦਾ। ਉਹ ਚਾਹੇ ਕਿਸੇ ਬਾਬੇ ਦੀ ਗੱਲ ਸੁਣਾਵੇ ਜਾਂ ਢਾਬੇ ਦੀ, ਗਾਲ੍ਹ ਸਾਗ ਦੇ ਨਾਲ ਹਰੀਆਂ ਮਿਰਚਾਂ ਵਾਂਗ ਆਉਂਦੀ ਐ।
‘ਕਲਾਵਿਆਂ ਦੇ ਕਲੀਰੇ’, ਉਹ ਧਰਤੀ ਜਿੱਥੇ ਲੋਕ ਜ਼ਿੰਦਗੀ ਦੇ ਮਾਰੂਥਲਾਂ ’ਚ ਰੂਹਾਂ ਦਾ ਮੇਲਾ ਲਾਈ ਬੈਠੇ ਨੇ। ਛੋਟੇ ਘਰ ਵੱਡੇ ਦਿਲ, ਪੰਜ-ਪੰਜ ਬਾਲ, ਤੇ ਦੇਸੀ ਘਿਓ ਨਾਲ ਭਰੇ ਥਾਲ ਇਹ ਉਸ ਦੇਸ਼ ਦੀਆਂ ਬਾਤਾਂ ਨੇ ਜਿੱਥੇ ਲੋਕ ਚੰਨ ਨੂੰ ਆਪਣੇ ਕੋਠੇ ’ਤੇ ਬੁਲਾ ਕੇ, ਉਸਦੇ ਨਾਲ ਖੇਤਾਂ ਨੂੰ ਪਾਣੀ ਲਾਉਣ ਦੀਆਂ ਗੱਲਾਂ ਕਰਦੇ ਨੇ।
- ਮਨਜੀਤ ਸਿੰਘ ਰਾਜਪੁਰਾ

Related Books