"...ਜਿਸ ਦਿਨ ਕਦੇ ਵਜਦ 'ਚ ਹੁੰਦਾ ਉਹ ਪੈਰਾਂ ਵਿੱਚ ਘੁੰਗਰੂ ਬੰਨ੍ਹ ਕੇ ਬੰਸਰੀ ਵਜਾਉਂਦਾ ਝਿੜੀ ਵਿੱਚ ਤੁਰਿਆ ਫਿਰਦਾ। ਸਾਰੀ ਝਿੜੀ ਦੇ ਜਨੌਰ, ਉਸਦੇ ਮਗਰ-ਮਗਰ ਤੁਰੇ ਫਿਰਦੇ। ਫਿਰ ਪਿੰਡ ਦੇ ਲੋਕਾਂ ਨੇ ਰਲ ਕੇ ਝਿੜੀ ਵਿੱਚ ਇੱਕ ਕੁਟੀਆ ਬਣਵਾ ਦਿੱਤੀ ਕਿ ਚੱਲੋ ਰੱਬ ਦਾ ਭਗਤ ਮੀਂਹ ਕਣੀ ਵਿੱਚ ਆਰਾਮ ਕਰ ਲਿਆ ਕਰੇਗਾ। ਪਰ ਉਹ ਫੱਕਰ ਇੱਕ ਦਿਨ ਵੀ ਕੁਟੀਆ ਵਿੱਚ ਨਾ ਆਇਆ। ਜਦੋਂ ਲੋਕਾਂ ਦਾ ਉਸ ਦੇ ਦਰਸ਼ਨ ਕਰਨ ਲਈ ਝਿੜੀ ਵੱਲ ਨੂੰ ਆਉਣ ਜਾਣ ਕਾਫ਼ੀ ਵਧ ਗਿਆ ਤਾਂ ਇੱਕ ਰਾਤ ਉਹ ਝਿੜੀ ਛੱਡ ਕੇ ਚਲਾ ਗਿਆ।..."