ਪਿੰਡਾਂ ਵਿੱਚ ਗਿੱਧਾ ਪਾਉਣ ਵੇਲ਼ੇ ਔਰਤਾਂ ਅਕਸਰ ਇਹ ਬੋਲੀਆਂ ਪਾਉਂਦੀਆਂ ਹਨ। ਕੁਝ ਲੋਕ ਇਹਨਾਂ ਨੂੰ ਟੱਪੇ ਆਖਦੇ ਹਨ ਪਰ ਇਹ ਵਿਧਾ ਟੱਪਿਆਂ ਨਾਲੋਂ ਬੋਲੀਆਂ ਦੇ ਵਧੇਰੇ ਨੇੜੇ ਹੈ, ਇਸ ਲਈ ਮੈਂ ਇਹਨਾਂ ਨੂੰ ਇੱਕ ਤੁਕੀਆਂ ਬੋਲੀਆਂ ਹੀ ਆਖਦੀ ਹਾਂ। ਮੇਰੀ ਮਨਸ਼ਾ ਲੋਕ ਗੀਤਾਂ ਦੀ ਹਰ ਵਿਧਾ ਨੂੰ ਸੰਭਾਲਣ ਦੀ ਹੈ, ਇਸ ਲਈ ਮੈਂ ਇਹਨਾਂ ਬੋਲੀਆਂ ਨੂੰ ਵੀ ਕਲਮਬੰਦ ਕੀਤਾ ਹੈ। ਇਹਨਾਂ ਬੋਲੀਆਂ ਨੂੰ ਮੈਂ ਅਲੱਗ ਅਲੱਗ ਗਰੁੱਪਾਂ ਵਿੱਚ ਵੰਡ ਦਿੱਤਾ ਹੈ - ਮਾਂ-ਪਿਓ, ਭਰਾ, ਸੱਸ-ਸਹੁਰਾ, ਜੇਠ, ਦਿਓਰ, ਪਤੀ, ਆਸ਼ਕ-ਮਾਸ਼ੂਕ, ਛੜੇ ਆਦਿ ਸਭ ਨਾਲ ਸਬੰਧਿਤ ਬੋਲੀਆਂ ਦੇ ਅਲੱਗ ਅਲੱਗ ਗਰੁੱਪ ਹਨ। ਇਸੇ ਤਰ੍ਹਾਂ ਸਰੀਰਿਕ ਅੰਗਾਂ, ਗਹਿਣਿਆਂ, ਕੱਪੜਿਆਂ, ਰੁੱਖਾਂ ਆਦਿ ਨਾਲ ਸਬੰਧਿਤ ਗਰੁੱਪ ਵੀ ਬਣਾਏ ਗਏ ਹਨ। ਹਮੇਸ਼ਾ ਹੀ ਮੇਰਾ ਯਤਨ ਰਿਹਾ ਹੈ ਕਿ ਜਿਸ ਵੀ ਵਿਧਾ ਨੂੰ ਕਲਮਬੱਧ ਕਰਾਂ, ਲੱਗਦੀ ਵਾਹ ਉਹਦੇ ਨਾਲ ਸਬੰਧਿਤ ਵੱਧ ਤੋਂ ਵੱਧ ਸਮੱਗਰੀ ਇਕੱਠੀ ਕਰ ਲਵਾਂ ਤਾਂ ਜੋ ਬਹੁਤਾ ਕੁਝ ਇਸ ਤੋਂ ਬਾਹਰ ਨਾ ਰਹਿ ਜਾਵੇ।
— ਗੁਰਮੀਤ ਕੌਰ ਸੰਧਾ