ਕਹਾਣੀਆਂ ਸੂਫ਼ੀ ਸਿੱਖਿਆ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਰਹੀਆਂ ਹਨ। ਕਹਾਣੀਆਂ ਸੂਫ਼ੀ ਸਿੱਖਿਆ ਦਾ ਕੇਵਲ ਇੱਕ ਸਾਧਨ ਨਹੀਂ ਸਗੋਂ ਮੂਲ ਹਨ। ਕਹਾਣੀ ਮਨੁੱਖੀ ਮਨ ਦੀ ਕੁਦਰਤੀ ਭਾਸ਼ਾ ਹੈ। ਜਿੱਥੇ ਦਾਰਸ਼ਨਿਕ ਗ੍ਰੰਥ ਬੁੱਧੀ ਨੂੰ ਸੰਬੋਧਿਤ ਹੁੰਦੇ ਹਨ, ਉੱਥੇ ਕਹਾਣੀ ਦਿਲ ਨੂੰ ਛੂੰਹਦੀ ਹੈ। ਸੂਫ਼ੀ ਕਹਾਣੀਆਂ ਮਨੁੱਖ ਦੇ ਅਵਚੇਤਨ ’ਤੇ ਅਸਰ ਕਰਦੀਆਂ ਹਨ। ਆਧੁਨਿਕ ਸਮੇਂ ਵਿੱਚ ਸੂਫ਼ੀ ਕਹਾਣੀਆਂ ਦੀ ਪ੍ਰਸੰਗਿਕਤਾ ਹੋਰ ਵੀ ਵਧ ਜਾਂਦੀ ਹੈ, ਹੱਥਲੀ ਕਿਤਾਬ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਪੰਜਾਬੀ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ। ਅੱਜ ਦੇ ਭੌਤਿਕਵਾਦੀ, ਤਣਾਅ ਭਰੇ ਸਮੇਂ ਵਿੱਚ ਸੂਫ਼ੀ ਕਹਾਣੀਆਂ ਅਹੰਕਾਰ ਨੂੰ ਹੌਲੀ-ਹੌਲੀ ਖਤਮ ਕਰ ਮਨੁੱਖ ਨੂੰ ਅੰਦਰ ਵੱਲ ਮੋੜਦੀਆਂ ਹਨ ਅਤੇ ਧਾਰਮਿਕ ਕੱਟੜਤਾ ਦਾ ਉਲਟ ਪੇਸ਼ ਕਰਦੀਆਂ ਹਨ। ਪ੍ਰੇਮ, ਸਹਿਣਸ਼ੀਲਤਾ ਅਤੇ ਮਨੁੱਖਤਾ ਦਾ ਸੁਨੇਹਾ ਦਿੰਦੀਆਂ ਹਨ। ਕਹਾਣੀਆਂ ਦੁਆਰਾ ਸੂਫ਼ੀ ਸਿੱਖਿਆਵਾਂ ਦੀ ਪਰੰਪਰਾ ਮਨੁੱਖੀ ਇਤਿਹਾਸ ਦੀ ਸਭ ਤੋਂ ਸੁੰਦਰ ਪਰੰਪਰਾ ਹੈ। ਇਹ ਕਹਾਣੀਆਂ ਸਿਰਫ਼ ਸੁਣਨ ਜਾਂ ਪੜ੍ਹਨ ਲਈ ਨਹੀਂ, ਸਗੋਂ ਜਿਉਣ ਲਈ ਹਨ। ਸੂਫ਼ੀ ਕਹਾਣੀ ਮਨੁੱਖ ਨੂੰ ਰੱਬ ਵੱਲ ਨਹੀਂ, ਪਹਿਲਾਂ ਆਪਣੇ ਆਪ ਵੱਲ ਲੈ ਜਾਂਦੀ ਹੈ— ਅਤੇ ਇਹੀ ਸੂਫ਼ੀਵਾਦ ਦੀ ਅਸਲੀ ਸਿੱਖਿਆ ਹੈ। ਉਮੀਦ ਹੈ ਇਹ ਕਿਤਾਬ ਤੁਹਾਨੂੰ ਤੁਹਾਡੇ ਮੂਲ ਨਾਲ਼ ਜੋੜਨ ਲਈ ਰਾਹ ਤਿਆਰ ਕਰੇਗੀ। ਆਮੀਨ!