ਹਰ ਨਾਵਲ ਦਾ ਆਪਣਾ ਇੱਕ ਢਾਂਚਾ ਹੁੰਦਾ ਹੈ। ਹਰ ਬੁਨਿਆਦੀ ਢਾਂਚੇ ਦੇ ਆਧਾਰ 'ਤੇ ਨਾਵਲਕਾਰ ਦੁਆਰਾ ਸਿਰਜਿਆ ਇੱਕ ਕਥਾਨਕ ਹੁੰਦਾ ਹੈ। ਨਾਵਲਕਾਰ ਆਪਣੇ ਕਥਾਨਕ ਅੰਦਰ ਕਿਸੇ ਸੰਜੀਦਾ ਪੇਂਟਰ ਵਾਂਗ ਵੱਖੋ-ਵੱਖਰੇ ਰੰਗ ਭਰਨ ਦੀ ਕੋਸ਼ਿਸ਼ ਕਰਦਾ ਹੈ। ਇਹਨਾਂ ਯਤਨਾਂ ਸਦਕਾ ਉਹ ਆਪਣੇ ਪਾਠਕਾਂ ਨੂੰ ਅਨਜਾਣ ਸਫ਼ਰ 'ਤੇ ਲੈ ਤੁਰਦਾ ਹੈ। ਘਰ ਦੀਆਂ ਅਰਾਮ ਕੁਰਸੀਆਂ 'ਤੇ ਬੈਠਿਆਂ ਹੀ ਪਾਠਕਾਂ ਦੁਆਰਾ ਹਜ਼ਾਰਾਂ ਕੋਹਾਂ ਦਾ ਸਫ਼ਰ ਤੈਅ ਹੋ ਜਾਂਦਾ ਹੈ। ਲਿਖਾਰੀ ਆਪਣੇ ਚੇਤੰਨ ਮਨ ਤੇ ਅਸਧਾਰਨ ਜਿਗਿਆਸਾ ਰਾਹੀਂ ਪਾਠਕਾਂ ਮੂਹਰੇ ਦੂਰ-ਦੂਰਾਡੇ ਖੇਤਰਾਂ ਤੇ ਖਿਤਿਆਂ ਦੇ ਡੂੰਘੇ ਤੇ ਰਹੱਸਮਈ ਕੋਨੇ ਤੱਕ ਵੀ ਰੁਸ਼ਨਾ ਜਾਂਦਾ ਹੈ। ਦੂਜੇ ਹੱਥ, ਅਸਲ ਸਫ਼ਰ ਦੌਰਾਨ ਤਾਂ ਥਕਾਨ ਹੀ ਹਰਾ ਦਿੰਦੀ ਹੈ। ਨਾਵਲ ਦੇ ਸਫ਼ਿਆਂ ਰਾਹੀਂ ਨਵੀਨ ਵਿਸ਼ਿਆਂ, ਕਿਰਦਾਰਾਂ ਤੇ ਘਟਨਾਵਾਂ ਦਾ ਸਿਰਜਣਾਤਮਕ ਆਗਾਜ਼ ਹੁੰਦਾ ਰਹਿੰਦਾ ਹੈ। ਅਨਜਾਣ ਕਿਰਦਾਰਾਂ ਦੀ ਜੀਵਨ-ਸ਼ੈੱਲੀ ਨੂੰ ਪੜ੍ਹਦਿਆਂ ਪਾਠਕ ਅੰਦਰ ਅਸਚਰਜ ਜਨਮ ਲੈਂਦਾ ਹੈ। ਇਲਾਕਾ, ਵਿਚਾਰ, ਧਰਮ, ਮਾਨਤਾ, ਸੋਸਾਇਟੀ, ਪਰਿਵੇਸ਼, ਦਾ ਨਵਾਂਪਣ ਰੂਹ ਨੂੰ ਖੇੜਾ ਬਖ਼ਸ਼ਦਾ ਰਹਿੰਦਾ ਹੈ। ਤੇ ਅੰਤ ਵਿੱਚ ਪਾਠਕ ਦੇ ਜ਼ਿਹਨ ਅੰਦਰ ਸਭ ਤੋਂ ਹੈਰਾਨੀਜਨਕ ਮਾਜਰਾ ਵਾਪਰਦਾ ਹੈ। ਸਮੇਂ ਤੇ ਸਥਾਨ ਤੋਂ ਪਰੇ ਨਿਵੇਕਲਾਪਨ ਟੋਲਦਿਆਂ ਪਾਠਕ ਅਪਣੱਤ ਟੋਲ ਬੈਠਦਾ ਹੈ। ਵਖਰੇਵੇਂ ਭਾਲਦਿਆਂ ਸਮਾਨਤਾ ਦਰਪੇਸ਼ ਹੁੰਦੀ ਹੈ। ਮਨ ਅੰਦਰ ਚਾਨਣ ਘਰ ਕਰ ਜਾਂਦਾ ਹੈ। ਮਨੁੱਖੀ ਫਿਤਰਤ ਤੇ ਸੁਭਾਅ 'ਚ ਹਰ ਥਾਂ ਸਮਾਨਤਾ ਹੀ ਮਿਲਦੀ ਹੈ। ਪਾਠਕ ਹੀ ਕਿਰਦਾਰ ਹੋ ਨਿਬੜਦਾ ਹੈ।