ਬੁਕਰਨਾਮਾ ਪੁਸਤਕ ਦੀ ਲੜੀ ਵਿੱਚ ਇਹ ਤੀਜੀ ਜਿਲਦ ਹੈ। ਚਾਰੇ ਲੇਖਕਾਂ ਨੇ ਨਾਵਲ ਦੇ ਕਥਾਨਕਾਂ ਵਿੱਚ ਆਪਣੀ ਰੂਹ ਭਰ ਰੱਖੀ ਹੈ। ਖਾਲੀ ਕੈਨਵਸ 'ਤੇ ਹਜਾਰਾਂ ਰੰਗ ਉਭਰ ਆਏ ਹਨ। ਦੁਨੀਆ ਦਾ ਇਹਨਾਂ ਰੰਗਾਂ ਨੂੰ ਵੇਖ ਕੇ ਹੈਰਾਨ-ਚਿੱਤ ਹੋਣਾ ਜਾਇਜ ਹੈ। ਪਰ ਇਹਨਾਂ ਸਾਰਿਆਂ ਨਾਵਲਾਂ ਦੇ ਵਿਸ਼ਾ-ਵਸਤੂਆਂ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਵੱਖ-ਵੱਖ ਮਹਾਂਦੀਪਾਂ, ਮੁਲਕਾਂ, ਸਟੇਟਾਂ ਅੰਦਰ ਵੱਖ-ਵੱਖ ਲੋਕ ਰਹਿੰਦੇ ਹਨ। ਜੀਓਗਰਾਫਿਕ ਵਖਰੇਵਿਆਂ ਦੇ ਬਾਵਜੂਦ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ, ਉਲਝਣਾਂ ਤੇ ਲੋੜਾਂ ਤਕਰੀਬਨ ਇੱਕੋ ਜਿਹੀਆਂ ਹੀ ਹਨ। ਹਮੇਸ਼ਾਂ ਤੋਂ ਇੰਜ ਹੀ ਰਿਹਾ ਹੈ। ਫੇਰ ਇੱਕ ਮੁਲਕ ਦਾ ਬਾਸ਼ਿੰਦਾ ਦੂਜੇ ਮੁਲਕ ਦੇ ਬਾਸ਼ਿੰਦੇ ਨਾਲ ਏਲੀਅਨ ਵਾਂਗ ਵਿਹਾਰ ਕਿਉਂ ਕਰਦਾ ਹੈ? ਹਰ ਮੁਲਕ ਦੇ ਬਾਸ਼ਿੰਦੇ ਨੂੰ ਜਿੰਦਗੀ ਵਿਚ ਸਤਿਕਾਰ ਲੋੜੀਂਦਾ ਹੈ; ਆਪਣੇ ਸਵੈ-ਮਾਣ ਨੂੰ ਕਾਇਮ ਰੱਖ ਕੇ। ਕਿਉਂ ਮੁਲਕਾਂ ਅੰਦਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਅਸੀਂ ਇੱਕ-ਦੂਜੇ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ 'ਤੇ ਉਤਰ ਆਉਂਦੇ ਹਾਂ? ਕਦੇ ਧਰਮ, ਕਦੇ ਜਾਤੀਵਾਦ, ਕਦੇ ਨਸਲਵਾਦ, ਕਦੇ ਰੰਗ-ਭੇਦ, ਕਦੇ ਮਰਦ-ਨਾਰੀ, ਕਦੇ ਅਮੀਰ-ਗਰੀਬ, ਕਦੇ ਕੁਝ ਹੋਰ। ਵਖਰੇਵਿਆਂ ਦਾ ਸੰਸਾਰ। ਇਹਨਾਂ ਮਨੁੱਖੀ ਵਖਰੇਵਿਆਂ ਨੇ ਹੀ ਅੱਜ ਦੀ ਦੁਨੀਆ ਦੀ ਦਸ਼ਾ (ਜਾਂ ਦੁਰਦਸ਼ਾ) ਤਹਿ ਕੀਤੀ ਹੈ। ਕਿਉਂ ਅੱਜ ਦਾ ਇਨਸਾਨ ਲਕੀਰ ਖਿੱਚਣ ਨੂੰ ਹੀ ਆਪਣਾ ਕਰਤਵ ਸਮਝਣ ਲੱਗਾ ਹੈ? ਕਿਉਂ ਅਸੀਂ ਲਕੀਰਾਂ ਮਟੇ ਕੇ ਇੱਕ ਨਹੀਂ ਹੋ ਸਕੇ? ਕਿਉਂ ਅਸੀਂ ਸਾਡੀਆਂ ਬਣਾਈਆਂ ਸੌੜੀਆਂ ਹੱਦਾਂ ਤੋਂ ਬਾਹਰ ਆਕੇ ਸੋਚ ਨਹੀਂ ਸਕੇ? ਇਹ ਕੁੱਲ ਮਨੁੱਖਤਾ ਦਾ ਫੇਲੀਅਰ ਹੈ। ਅਸੀਂ ਇੱਕ ਸਪੀਸ਼ੀਜ਼ ਵਾਂਗ ਉਭਰ ਕੇ ਅੱਗੇ ਆ ਹੀ ਨਹੀਂ ਸਕੇ। ਅਸੀਂ ਵਖਰੇਵਿਆਂ ਨੂੰ ਮਨ ਅੰਦਰ ਬਹੁਤ ਡੂੰਘੀ ਥਾਂ ਦੇ ਰੱਖੀ ਹੈ। ਪੀੜ੍ਹੀ ਦਰ ਪੀੜ੍ਹੀ ਉਹ ਨਫਰਤ ਟਰਾਂਸਫਰ ਹੁੰਦੀ ਰਹਿੰਦੀ ਹੈ। ਨਾਵਲ ਸਾਡੀਆਂ ਚੰਗਿਆਈਆਂ ਤੇ ਗਲਤੀਆਂ ਦਾ ਅਕਸ ਹੁੰਦੇ ਹਨ। ਨਾਵਲ ਵਿਚਲੀ ਜਿੰਦਗੀ ਦਾ ਸਭ ਤੋਂ ਹਸੀਨ ਪਹਿਲੂ ਇਹ ਹੁੰਦਾ ਹੈ ਕਿ ਕਿਰਦਾਰਾਂ ਦੀਆਂ ਗਲਤੀਆਂ ਤੋਂ ਪਾਠਕ ਬਹੁਤ ਡੂੰਘੀ ਸੂਝ ਲੈ ਸਕਦਾ ਹੈ। ਫੇਰ ਆਪਣੇ ਜਿੰਦਗੀ ਨੂੰ ਸਹੀ ਦਿਸ਼ਾ ਦੇਣ 'ਚ ਆਸਾਨੀ ਰਹਿੰਦੀ ਹੈ। ਨਾਵਲਾਂ ਦੇ ਕਿਰਦਾਰਾਂ ਰਾਹੀਂ ਪੜ੍ਹਿਆ-ਲਿਖਿਆ ਮਨੁੱਖ ਕਦੇ ਵੀ ਫਿਰਕੂ ਸੋਚ ਦਾ ਪੈਰੋਕਾਰ ਨਹੀਂ ਬਣ ਸਕਦਾ।